ਰਿਹਾਇਸ਼ਾਂ ਦੀਆਂ ਵੱਖ-ਵੱਖ ਕਿਹੜੀਆਂ ਕਿਸਮਾਂ ਉਪਲਬਧ ਹਨ?
ਭਾਵੇਂ ਤੁਸੀਂ ਮਕਾਨ ਕਿਰਾਏ `ਤੇ ਲੈਣਾ ਹੋਵੇ ਜਾਂ ਖਰੀਦਣਾ, ਅਨੇਕ ਤਰ੍ਹਾਂ ਦੀਆਂ ਰਿਹਾਇਸ਼ਾਂ ਉਪਲਬਧ ਹਨ:
- ਅਪਾਰਟਮੈਂਟ (ਸੁਇਟ, ਫਲੈਟ) – ਇਸ ਵਿੱਚ 1 ਜਾਂ ਵਧੇਰੇ ਬੈੱਡਰੂਮ, ਇੱਕ ਰਸੋਈ, ਇੱਕ ਬਾਥਰੂਮ ਅਤੇ ਇੱਕ ਲਿਵਿੰਗ ਰੂਮ ਹੁੰਦਾ ਹੈ। "ਬੈਚੁਲਰ" ਜਾਂ "ਸਟੂਡੀਓ" ਦਾ ਮਤਲਬ ਹੈ 1 ਕਮਰਾ ਜਿਸ ਵਿੱਚ ਰਸੋਈ ਦੀ ਜਗ੍ਹਾ ਅਤੇ ਬਾਥਰੂਮ ਹੋਵੇ। "ਜੂਨੀਅਰ" 1-ਬੈੱਡਰੂਮ ਅਪਾਰਟਮੈਂਟ ਵਿੱਚ 1 ਛੋਟਾ ਬੈੱਡਰੂਮ ਹੁੰਦਾ ਹੈ ਜਿਸ ਦਾ ਦਰਵਾਜ਼ਾ ਕਿਸੇ ਹੋਰ ਕਮਰੇ ਵਿੱਚ ਖੁੱਲ੍ਹੇ।
ਅਪਾਰਟਮੈਂਟਾਂ ਜਾਂ ਤਾਂ ਕਿਸੇ ਬਿਲਡਿੰਗ ਵਿੱਚ ਅਤੇ ਜਾਂ ਕਿਸੇ ਘਰ ਵਿੱਚ ਹੋ ਸਕਦੀਆਂ ਹਨ। ਅਪਾਰਟਮੈਂਟ ਬਿਲਡਿੰਗਾਂ ਉੱਚੀਆਂ (ਲਿਫਟ ਵਾਲੀਆਂ, 6 – 30 ਮੰਜ਼ਿਲਾ) ਜਾਂ ਛੋਟੀਆਂ (ਬਿਨਾ ਲਿਫਟ ਤੋਂ, 6 ਮੰਜ਼ਿਲਾਂ ਤੋਂ ਘੱਟ) ਹੁੰਦੀਆਂ ਹਨ। ਅਪਾਰਟਮੈਂਟਾਂ ਕਿਸੇ ਮਾਲਕ ਦੀ ਮਲਕੀਅਤ ਹੁੰਦੀਆਂ ਹਨ ਅਤੇ ਕਿਰਾਏਦਾਰਾਂ ਨੂੰ ਕਿਰਾਏ `ਤੇ ਦਿੱਤੀਆਂ ਜਾਂਦੀਆਂ ਹਨ।
- ਕੰਡੋਮੀਨੀਅਮ (ਕੰਡੋ) – ਇੱਕ ਤਰ੍ਹਾਂ ਦੀ ਘਰ ਦੀ ਮਲਕੀਅਤ ਜਿਸ ਵਿੱਚ ਤੁਸੀਂ ਕਿਸੇ ਅਪਾਰਟਮੈਂਟ ਬਿਲਡਿੰਗ ਜਾਂ ਟਾਊਨਹਾਊਸ ਕੰਪਲੈਕਸ ਵਿੱਚ ਕੋਈ ਯੂਨਿਟ ਖਰੀਦਦੇ ਹੋ ਪਰ ਜ਼ਮੀਨ ਦੀ ਮਲਕੀਅਤ ਤੁਹਾਡੀ ਨਹੀਂ ਹੁੰਦੀ। ਹਰ ਮਾਲਕ ਆਪੋ-ਆਪਣੀ ਮਾਰਗੇਜ, ਟੈਕਸ, ਬਿਜਲੀ-ਪਾਣੀ ਆਦਿ ਦੇ ਬਿਲ ਅਤੇ ਜਾਇਦਾਦ ਦੀ ਸੰਭਾਲ ਲਈ ਇੱਕ ਮਹੀਨਾਵਾਰ ਫੀਸ ਅਦਾ ਕਰਦਾ ਹੈ। ਕਈ ਵਾਰੀ ਤੁਸੀਂ ਕਿਸੇ ਮਾਲਕ ਕੋਲੋਂ ਕੰਡੋ ਕਿਰਾਏ ਉੱਤੇ ਵੀ ਲੈ ਸਕਦੇ ਹੋ।
- ਡੁਪਲੈਕਸ – ਇੱਕ ਘਰ ਜਿਹੜਾ ਇੱਕ-ਦੂਜੇ ਦੇ ਉੱਪਰ ਟਿਕੇ ਦੋ ਅਲੱਗ-ਅਲੱਗ ਹਿੱਸਿਆਂ ਵਿੱਚ ਵੰਡਿਆ ਹੋਵੇ। ਡੁਪਲੈਕਸ ਦਾ ਮਾਲਕ ਇੱਕ ਹਿੱਸੇ ਵਿੱਚ ਰਹਿ ਕੇ ਦੂਸਰਾ ਕਿਰਾਏ `ਤੇ ਦੇ ਸਕਦਾ ਹੈ ਜਾਂ ਦੋਵੇਂ ਹੀ ਕਿਰਾਏਦਾਰਾਂ ਨੂੰ ਕਿਰਾਏ `ਤੇ ਦੇ ਸਕਦਾ ਹੈ। ਕਿਸੇ "ਟ੍ਰਿਪਲੈਕਸ" ਦਾ ਮਤਲਬ ਹੈ ਅਜਿਹਾ ਘਰ ਜੋ 3 ਅਲੱਗ-ਅਲੱਗ ਅਪਾਰਟਮੈਂਟਾਂ ਵਿੱਚ ਵੰਡਿਆ ਹੋਵੇ।
- ਡੀਟੈਚਡ ਘਰ – ਇੱਕ ਇਕੱਲਾ ਘਰ ਜਿਸ ਦੀ ਮਲਕੀਅਤ 1 ਜਾਂ ਵਧੇਰੇ ਵਿਅਕਤੀਆਂ ਦੀ ਹੋਵੇ। ਮਾਲਕ 1 ਜਾਂ ਵਧੇਰੇ ਕਮਰੇ ਜਾਂ ਸਾਰਾ ਘਰ ਹੀ ਕਿਰਾਏ `ਤੇ ਦੇ ਸਕਦੇ ਹਨ।
- ਸੈਮੀ-ਡੀਟੈਚਡ ਘਰ – ਇੱਕ ਇਕੱਲਾ ਘਰ ਜਿਹੜਾ ਕਿਸੇ ਸਾਂਝੀ ਕੰਧ ਰਾਹੀਂ ਕਿਸੇ ਦੂਜੇ ਮਕਾਨ ਨਾਲ ਜੁੜਿਆ ਹੋਵੇ। ਦੋਵੇਂ ਘਰ ਇੱਕ-ਦੂਜੇ ਦੇ ਨਾਲ-ਨਾਲ ਖੜ੍ਹੇ ਅਤੇ ਜੁੜੇ ਹੁੰਦੇ ਹਨ।
- ਟਾਊਨਹਾਊਸ – ਇੱਕ ਛੋਟਾ ਘਰ ਜਿਹੜਾ ਹੋਰ ਛੋਟੇ ਘਰਾਂ ਦੀ ਇੱਕ ਕਤਾਰ ਨਾਲ ਜੁੜਿਆ ਹੋਵੇ। ਟਾਊਨਹਾਊਸ ਖਰੀਦੇ ਵੀ ਜਾ ਸਕਦੇ ਹਨ ਅਤੇ ਕਿਰਾਏ `ਤੇ ਵੀ ਲਏ ਜਾ ਸਕਦੇ ਹਨ।
- ਕਮਰਾ – ਕਿਸੇ ਅਪਾਰਟਮੈਂਟ ਜਾਂ ਘਰ ਵਿੱਚ ਕੋਈ ਕਮਰਾ ਜੋ ਕਿਰਾਏ `ਤੇ ਦਿੱਤਾ ਹੋਵੇ। ਜੇ ਕਿਰਾਏਦਾਰ ਰਸੋਈ, ਬਾਥਰੂਮ ਅਤੇ ਲਿਵਿੰਗ ਰੂਮ ਨੂੰ ਹੋਰ ਕਿਰਾਏਦਾਰਾਂ ਨਾਲ ਸਾਂਝੇ ਤੌਰ `ਤੇ ਵਰਤੇ ਤਾਂ ਅਜਿਹੀ ਰਿਹਾਇਸ਼ ਨੂੰ "ਸਾਂਝੀ ਰਿਹਾਇਸ਼" (shared accommodation) ਕਿਹਾ ਜਾਂਦਾ ਹੈ। "ਰੂਮ ਐਂਡ ਬੋਰਡ" ਦਾ ਮਤਲਬ ਹੈ ਕਿ ਖਾਣਾ ਵੀ ਵਿੱਚ ਸ਼ਾਮਲ ਹੈ।
ਅਹਿਮ ਫ਼ੋਨ ਨੰਬਰ
- ਕਨੇਡਾ ਮਾਰਗੇਜ ਐਂਡ ਹਾਊਸਿੰਗ ਕਾਰਪੋਰੇਸ਼ਨ ਜਾਂ ਸੀ.ਐੱਚ.ਐੱਮ.ਸੀ. (Canada Mortgage and Housing Corporation ਜਾਂ CMHC) (1) – ਕਨੇਡਾ-ਵਾਸੀਆਂ ਲਈ ਸੁਰੱਖਿਅਤ, ਸਲਾਮਤ ਅਤੇ ਪੁੱਜਤਯੋਗ ਰਿਹਾਇਸ਼ ਯਕੀਨੀ ਬਣਾਉਣ ਲਈ ਕਨੇਡਾ ਸਰਕਾਰ ਵੱਲੋਂ ਸਥਾਪਿਤ ਕੀਤੀ ਏਜੰਸੀ।
ਸੀ.ਐੱਚ.ਐੱਮ.ਸੀ. ਉਨਟਾਰੀਓ ਬਿਜ਼ਨਸ ਸੈਂਟਰ, ਟੋਰਾਂਟੋ:
ਟੋਲ-ਫ੍ਰੀ: 1-866-389-1742
ਫ਼ੋਨ: 416-221-2642
- ਟੇਰੀਓਨ ਵਾਰੰਟੀ ਕਾਰਪੋਰੇਸ਼ਨ (Tarion Warranty Corporation) (2) – ਇੱਕ ਗ਼ੈਰ-ਮੁਨਾਫ਼ਾ ਅਦਾਰਾ ਜਿਹੜਾ ਨਵਾਂ ਘਰ ਜਾਂ ਕੰਡੋਮੀਨੀਅਮ ਖਰੀਦਣ ਵਾਲੇ ਖ਼ਪਤਕਾਰਾਂ ਦੇ ਹੱਕਾਂ ਦੀ ਗਰੰਟੀ ਦਿੰਦਾ ਹੈ।
ਟੋਲ-ਫ੍ਰੀ: 1-877-9-TARION (ਜਾਂ 1-877-982-7466)
ਫ਼ੋਨ: 416-229-9200
ਵਧੇਰੇ ਜਾਣਕਾਰੀ ਲਈ ਵੇਖੋ:
(1) Canada Mortgage and Housing Corporation:
http://findlink.at/cmhc
(2) Tarion Warranty Corporation:
http://findlink.at/tarion